EXODUS 
ਕੂਚ 
ਭੂਮਿਕਾ 
ਕੂਚ ਸ਼ਬਦ ਦਾ ਅਰਥ “ਜਾਣਾ” ਜਾਂ “ਕਿਸੇ ਸਥਾਨ ਦੇ ਲਈ ਚੱਲਣਾ” ਹੈ । ਇਹ ਇਸਰਾਏਲ ਦੇ ਇਤਿਹਾਸ ਦੀ ਪ੍ਰਮੱਖ ਘਟਨਾ ਨੂੰ ਦਰਸਾਉਂਦਾ ਹੈ, ਜਿਸ ਦਾ ਵਰਣਨ ਇਸ ਪੁਸਤਕ ਦੇ ਵਿੱਚ ਮਿਲਦਾ ਹੈ - ਅਰਥਾਤ ਇਸਰਾਏਲ ਦਾ ਮਿਸਰ ਦੀ ਗ਼ੁਲਾਮੀ ਦੇ ਵਿੱਚੋਂ ਨਿੱਕਲਣਾ । ਇਸ ਪੁਸਤਕ ਦੇ ਤਿੰਨ ਮੁੱਖ ਭਾਗ ਹਨ: (1) ਇਸਰਾਏਲੀਆਂ ਦਾ ਗ਼ੁਲਾਮੀ ਵਿੱਚੋਂ ਛੁਟਕਾਰਾ ਪਾਉਣਾਂ ਅਤੇ ਸੀਨਈ ਪਰਬਤ ਤੱਕ ਯਾਤਰਾ ਕਰਨਾ । (2) ਸੀਨਈ ਪਰਬਤ ਉੱਤੇ ਪਰਮੇਸ਼ੁਰ ਦਾ ਆਪਣੇ ਲੋਕਾਂ ਦੇ ਨਾਲ ਨੇਮ ਬੰਨਣਾ, ਜਿਸ ਦੇ ਦੁਆਰਾ ਉਨ੍ਹਾਂ ਨੂੰ ਜੀਵਨ ਬਿਤਾਉਣ ਦੇ ਲਈ ਨੈਤਿਕ, ਸਮਾਜਿਕ ਅਤੇ ਧਾਰਮਿਕ ਨਿਯਮ ਪ੍ਰਾਪਤ ਹੋਏ । (3) ਇਸਰਾਏਲੀਆਂ ਦੇ ਲਈ ਅਰਾਧਨਾ ਕਰਨ ਦੇ ਸਥਾਨ ਨੂੰ ਠਹਿਰਾਉਣਾ ਅਤੇ ਜਾਜਕਾਂ ਅਤੇ ਪਰਮੇਸ਼ੁਰ ਦੀ ਅਰਾਧਨਾ ਦੇ ਸੰਬੰਧੀ ਨਿਯਮਾਂ ਨੂੰ ਪ੍ਰਾਪਤ ਕਰਨਾ । 
ਮੁੱਖ ਰੂਪ ਵਿੱਚ ਇਸ ਪੁਸਤਕ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਪਰਮੇਸ਼ੁਰ ਨੇ ਕੀ ਕੀਤਾ, ਜਿਵੇਂ ਕਿ ਉਸ ਨੇ ਆਪਣੇ ਲੋਕਾਂ ਨੂੰ ਗ਼ੁਲਾਮੀ ਦੇ ਵਿੱਚੋਂ ਛੁਡਾਇਆ ਅਤੇ ਭਵਿੱਖ ਦੀ ਆਸ ਦੇ ਲਈ ਇੱਕ ਜਾਤੀ ਦੇ ਰੂਪ ਵਿੱਚ ਉਨ੍ਹਾਂ ਨੂੰ ਇਕੱਠਾ ਕੀਤਾ । 
ਇਸ ਪੁਸਤਕ ਦਾ ਮੁੱਖ ਮਨੁੱਖ ਪਾਤਰ ਮੂਸਾ ਹੈ, ਜਿਸ ਨੂੰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਦੇ ਵਿੱਚੋਂ ਕੱਢਣ ਦੇ ਲਈ ਚੁਣਿਆ ਸੀ । ਇਸ ਪੁਸਤਕ ਦਾ ਪ੍ਰਸਿੱਧ ਭਾਗ ਵੀਹਵੇਂ ਆਧਿਆਏ ਵਿੱਚ ਦਿੱਤੀ ਗਈ ਦਸ ਆਗਿਆਵਾਂ ਦੀ ਸੂਚੀ ਹੈ । 
ਰੂਪ-ਰੇਖਾ: 
ਇਸਰਾਏਲੀਆਂ ਦਾ ਮਿਸਰ ਵਿੱਚੋਂ ਨਿੱਕਲਣਾ 1:1 - 15:21 
ਮਿਸਰ ਵਿੱਚ ਗ਼ੁਲਾਮ 1:1 - 22 
ਮੂਸਾ ਦਾ ਜਨਮ ਅਤੇ ਸ਼ੁਰੂਆਤ ਦਾ ਜੀਵਨ 2:1 - 4:31 
ਮੂਸਾ ਅਤੇ ਹਾਰੂਨ ਮਿਸਰ ਦੇ ਰਾਜੇ ਦੇ ਸਾਹਮਣੇ 5:1 - 11:10 
ਪਸਾਹ ਅਤੇ ਮਿਸਰ ਵਿੱਚੋਂ ਨਿੱਕਲਣਾ 12:1 - 15:21 
ਲਾਲ ਸਮੁੰਦਰ ਤੋਂ ਸੀਨਈ ਪਰਬਤ ਤੱਕ 15:22 - 18:27 
ਬਿਵਸਥਾ ਅਤੇ ਨੇਮ 19:1 - 24:18 
ਮਿਲਾਪ ਵਾਲਾ ਤੰਬੂ ਅਤੇ ਅਰਾਧਨਾ ਦੇ ਨਿਰਦੇਸ਼ 25:1 - 40:38  
 ੧
ਮਿਸਰ ਵਿੱਚ ਇਸਰਾਏਲੀਆਂ ਦਾ ਬੁਰਾ ਹਾਲ 
 ੧ ਹੁਣ ਇਸਰਾਏਲ ਦੇ ਪੁੱਤਰਾਂ ਦੇ ਨਾਮ, ਜਿਹੜੇ ਮਿਸਰ ਵਿੱਚ ਇੱਕ-ਇੱਕ ਜਣਾ ਆਪੋ ਆਪਣੇ ਟੱਬਰ ਨਾਲ ਯਾਕੂਬ ਦੇ ਨਾਲ ਆਏ ਸੋ ਇਹ ਹਨ ।  ੨ ਰਊਬੇਨ ਸ਼ਿਮਓਨ ਲੇਵੀ ਯਹੂਦਾਹ  ੩ ਯਿੱਸਾਕਾਰ ਜ਼ਬੁਲੂਨ ਬਿਨਯਾਮੀਨ  ੪ ਦਾਨ ਨਫ਼ਤਾਲੀ ਗਾਦ ਅਤੇ ਆਸ਼ੇਰ ।  ੫ ਇਸ ਤਰ੍ਹਾਂ ਇਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿੱਕਲੇ ਸੱਤਰ ਪ੍ਰਾਣੀ ਸਨ ਅਤੇ ਯੂਸੁਫ਼ ਮਿਸਰ ਵਿੱਚ ਹੀ ਸੀ ।  ੬ ਯੂਸੁਫ਼, ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ ।  ੭ ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ । ਵਧ ਕੇ ਬਹੁਤ ਬਲਵੰਤ ਹੋ ਗਏ ਕਿ ਧਰਤੀ ਉਨ੍ਹਾਂ ਨਾਲ ਭਰ ਗਈ ।  ੮ ਤਾਂ ਮਿਸਰ ਵਿੱਚ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ ।  ੯ ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਡੇ ਨਾਲੋਂ ਵਧੀਕ ਅਤੇ ਬਲਵੰਤ ਹਨ ।  ੧੦ ਆਓ ਅਸੀਂ ਉਨ੍ਹਾਂ ਨਾਲ ਸਮਝ ਨਾਲ ਵਰਤਾਵ ਕਰੀਏ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਉਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਇਸ ਦੇਸ ਤੋਂ ਉਤਾਹਾਂ ਨੂੰ ਚਲੇ ਜਾਣ ।  ੧੧ ਤਦ ਉਸ ਉਨ੍ਹਾਂ ਦੇ ਉੱਪਰ ਬੇਗ਼ਾਰੀਆਂ ਦੇ ਕਰੋੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ ।  ੧੨ ਪਰ ਜਿੰਨਾਂ ਉਹ ਉਨ੍ਹਾਂ ਨੂੰ ਦੁੱਖ ਦਿੰਦੇ ਸਨ ਉਹ ਉੱਨਾ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਇਸ ਤਰ੍ਹਾਂ ਉਹ ਇਸਰਾਏਲੀਆਂ ਤੋਂ ਅੱਕ ਗਏ ।  ੧੩ ਉਪਰੰਤ ਮਿਸਰੀ ਇਸਰਾਏਲੀਆਂ ਤੋਂ ਸਖ਼ਤੀ ਨਾਲ ਟਹਿਲ ਕਰਾਉਣ ਲੱਗੇ ।  ੧੪ ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ । ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਸਖ਼ਤੀ ਨਾਲ ਸੀ ।  ੧੫ ਤਦ ਮਿਸਰ ਦੇ ਰਾਜੇ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਿਫਰਾਹ ਅਤੇ ਦੂਜੀ ਦਾ ਨਾਮ ਫੂਆਹ ਸੀ ਆਖਿਆ  ੧੬ ਜਦ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਤੇ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇਕਰ ਉਹ ਪੁੱਤਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇਕਰ ਧੀ ਹੋਵੇ ਤਾਂ ਉਹ ਜਿਉਂਦੀ ਰਹੇ ।  ੧੭ ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਉਹ ਮੁੰਡਿਆਂ ਨੂੰ ਜਿਉਂਦੇ ਰੱਖਦੀਆਂ ਸਨ ।  ੧੮ ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸੀਂ ਇਹ ਗੱਲ ਕਿਉਂ ਕੀਤੀ ਕਿ ਮੁੰਡਿਆਂ ਨੂੰ ਜਿਉਂਦੇ ਰਹਿਣ ਦਿੱਤਾ ?  ੧੯ ਫਿਰ ਦਾਈਆਂ ਨੇ ਫ਼ਿਰਊਨ ਨੂੰ ਆਖਿਆ ਕਿ ਇਬਰਾਨੀ ਔਰਤਾਂ ਮਿਸਰੀ ਔਰਤਾਂ ਵਾਂਗੂੰ ਨਹੀਂ ਹਨ ਕਿਉਂ ਜੋ ਉਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ ।  ੨੦ ਇਸ ਲਈ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਉਹ ਲੋਕ ਵਧ ਗਏ ਅਤੇ ਬਹੁਤ ਬਲਵੰਤ ਹੋ ਗਏ ।  ੨੧ ਇਸ ਤਰ੍ਹਾਂ ਹੋਇਆ ਇਸ ਲਈ ਕਿ ਦਾਈਆਂ ਪਰਮੇਸ਼ੁਰ ਤੋਂ ਡਰੀਆਂ ਉਸ ਉਨ੍ਹਾਂ ਦੇ ਘਰ ਵਸਾਏ ।  ੨੨ ਉਪਰੰਤ ਫ਼ਿਰਊਨ ਨੇ ਆਪਣੀ ਸਾਰੀ ਪਰਜਾ ਨੂੰ ਹੁਕਮ ਦਿੱਤਾ ਕਿ ਹਰ ਇੱਕ ਪੁੱਤਰ ਨੂੰ ਜਿਹੜਾ ਜੰਮੇ ਦਰਿਆ ਵਿੱਚ ਸੁੱਟ ਦਿਓ ਪਰ ਹਰ ਇੱਕ ਧੀ ਨੂੰ ਜਿਉਂਦੀ ਰੱਖ ਲਓ ।