੩੧
ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀ ਮੌਤ 
(1 ਇਤਿਹਾਸ 10:1-12) 
 ੧ ਫੇਰ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ, ਅਤੇ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ ।  ੨ ਫ਼ਲਿਸਤੀਆਂ ਨੇ ਸ਼ਾਊਲ ਅਤੇ ਉਹ ਦੇ ਪੁੱਤਰਾਂ ਦਾ ਬਹੁਤ ਪਿੱਛਾ ਕੀਤਾ, ਯੋਨਾਥਾਨ ਅਤੇ ਅਬੀਨਾਦਾਬ ਅਤੇ ਮਲਕਿਸ਼ੂਆ, ਸ਼ਾਊਲ ਦੇ ਪੁੱਤਰਾਂ ਨੂੰ ਮਾਰ ਸੁੱਟਿਆ ।  ੩ ਸ਼ਾਊਲ ਨਾਲ ਲੜਾਈ ਵੱਧ ਗਈ ਅਤੇ ਤੀਰਅੰਦਾਜਾਂ ਨੇ ਉਹ ਨੂੰ ਲੱਭਾ ਅਤੇ ਤੀਰਅੰਦਾਜਾਂ ਦੇ ਹੱਥੋਂ ਉਹ ਬਹੁਤ ਦੁਖੀ ਹੋਇਆ ।  ੪ ਤਦ ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਨਾਲ ਮੈਨੂੰ ਵਿੰਨ ਦੇ ਕਿਤੇ ਅਜਿਹਾ ਨਾ ਹੋਵੇ ਜੋ ਇਹ ਅਸੁੰਨਤੀ ਆਉਣ ਅਤੇ ਮੈਨੂੰ ਵਿੰਨਣ ਅਤੇ ਮੇਰੇ ਨਾਲ ਮਖੌਲ ਕਰਨ । ਪਰ ਇਹ ਗੱਲ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਬਹੁਤ ਘਬਰਾ ਗਿਆ । ਤਦ ਸ਼ਾਊਲ ਤਲਵਾਰ ਫੜ੍ਹ ਕੇ ਉਹ ਦੇ ਉੱਤੇ ਡਿੱਗ ਪਿਆ ।  ੫ ਜਦ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਵੇਖਿਆ ਜੋ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹ ਦੇ ਨਾਲ ਹੀ ਮਰ ਗਿਆ ।  ੬ ਸੋ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਅਤੇ ਉਹ ਦਾ ਸਾਰਾ ਘਰਾਣਾ ਉਸ ਦਿਨ ਇਕੱਠੇ ਹੀ ਮਰ ਗਏ ।  ੭ ਜਦ ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੀ ਵੱਲ ਸਨ ਅਤੇ ਉਨ੍ਹਾਂ ਨੇ ਜੋ ਯਰਦਨੋਂ ਪਾਰ ਸਨ ਇਹ ਡਿੱਠਾ ਜੋ ਇਸਰਾਏਲ ਦੇ ਲੋਕ ਨੱਠੇ ਅਤੇ ਸ਼ਾਊਲ ਅਤੇ ਉਹ ਦੇ ਪੁੱਤਰ ਮਰੇ ਪਏ ਹਨ ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫ਼ਲਿਸਤੀ ਉਨ੍ਹਾਂ ਵਿੱਚ ਆਣ ਵੱਸੇ । 
 ੮ ਅਗਲੇ ਦਿਨ ਜਿਸ ਵੇਲੇ ਫ਼ਲਿਸਤੀ ਉਨ੍ਹਾਂ ਮਰਿਆਂ ਹੋਇਆਂ ਦੇ ਸ਼ਸਤਰ ਬਸਤਰ ਉਤਾਰਨ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਗਿਲਬੋਆ ਪਹਾੜ ਵਿੱਚ ਪਏ ਮਿਲੇ ।  ੯ ਸੋ ਉਨ੍ਹਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਅਤੇ ਉਹ ਦੇ ਸ਼ਸਤਰ ਲਾਹ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਘੱਲ ਦਿੱਤੇ ਜੋ ਉਨ੍ਹਾਂ ਦੇਵਤਿਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੀ ਖ਼ਬਰ ਦੇਣ ।  ੧੦ ਸੋ ਉਨ੍ਹਾਂ ਨੇ ਉਹ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਹ ਦੀ ਲਾਸ਼ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ ।  ੧੧ ਜਦ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਸੁਣਿਆ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਐਉਂ ਕੀਤਾ,  ੧੨ ਤਾਂ ਉਨ੍ਹਾਂ ਵਿੱਚੋਂ ਸਭ ਸੂਰਮੇ ਉੱਠੇ, ਸਾਰੀ ਰਾਤ ਤੁਰੇ ਗਏ ਅਤੇ ਬੈਤ-ਸ਼ਾਨ ਦੀ ਕੰਧ ਉੱਤੋਂ ਉਹ ਦੇ ਪੁੱਤਰਾਂ ਦੀਆਂ ਲਾਸ਼ਾਂ ਸਮੇਤ ਉਹ ਦੀ ਲਾਸ਼ ਉਤਾਰ ਕੇ ਯਾਬੇਸ਼ ਵਿੱਚ ਮੁੜ ਆਏ ਅਤੇ ਉੱਥੇ ਉਨ੍ਹਾਂ ਨੂੰ ਸਾੜ ਦਿੱਤਾ ।  ੧੩ ਤਦ ਉਨ੍ਹਾਂ ਦੀਆਂ ਹੱਡੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਯਾਬੇਸ਼ ਵਿੱਚ ਬਲੂਤ ਦੇ ਬਿਰਛ ਹੇਠ ਦੱਬ ਦਿੱਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ ।